ਜ਼ਿਲਾ ਰੋਜ਼ਗਾਰ ਅਫ਼ਸਰ ਵੱਲੋਂ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਨਵਾਂਸ਼ਹਿਰ, 18 ਫਰਵਰੀ :
ਜ਼ਿਲਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰੁਪਿੰਦਰ ਕੌਰ ਵੱਲੋਂ ਸਥਾਨਕ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਜ਼ਿਲੇ ਦੀਆਂ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸ਼ਾਮਲ ਵੱਖ-ਵੱਖ ਕਾਲਜਾਂ ਦੇ ਮੁਖੀਆਂ ਅਤੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ‘ਫੋਰਨ ਸਟੱਡੀ ਐਂਡ ਪਲੇਸਮੈਂਟ ਸੈੱਲ’ ਸਥਾਪਿਤ ਕੀਤਾ ਗਿਆ ਹੈ, ਜਿਸ ਵਿਚ ਪ੍ਰਾਰਥੀਆਂ ਨੂੰ ਵਿਦੇਸ਼ ਵਿਚ ਪੜਾਈ ਅਤੇ ਉਥੇ ਪਲੇਸਮੈਂਟ ਸਬੰਧੀ ਜਾਣਕਾਰੀ ਅਤੇ ਕਾਊਂਸਲਿੰਗ ਮੁਹੱਈਆ ਕਰਵਾਈ ਜਾਵੇਗੀ। ਉਨਾਂ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ, ਤਾਂ ਜੋ ਚਾਹਵਾਨ ਪ੍ਰਾਰਥੀ ਇਸ ਦਾ ਲਾਭ ਲੈ ਸਕਣ। ਉਨਾਂ ਦੱਸਿਆ ਕਿ ਇਸ ਕਾਊਂਸਲਿੰਗ ਦਾ ਪਹਿਲਾ ਗੇੜ 1 ਮਾਰਚ 2021 ਤੋਂ 31 ਮਾਰਚ 2021 ਤੱਕ ਚਲਾਇਆ ਜਾਵੇਗਾ, ਜਿਸ ਲਈ 21 ਫਰਵਰੀ 2021 ਤੋਂ 25 ਫਰਵਰੀ 2021 ਤੱਕ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਸ ਵਿਚ ਕੇਵਲ ਆਈਲੈਟਸ ਕੀਤੇ ਬੱਚੇ ਹੀ ਅਪਲਾਈ ਕਰਨ ਦੇ ਯੋਗ ਹੋਣਗੇ। ਉਨਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਤੀਸਰੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਚੰਡੀਗੜ ਰੋਡ, ਨਵਾਂਸ਼ਹਿਰ ਵਿਖੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਕੰਮਕਾਜ਼ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਿਲਾ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰਬਰ 88727-59915 ਅਤੇ ਈਮੇਲ ਆਈ. ਡੀ [email protected] ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
You must be logged in to post a comment.